ਬਾਬਾ ਬਲਬੀਰ ਸਿੰਘ ਵੱਲੋਂ ਕਾਰਸੇਵਕ ਬਾਬਾ ਮੱਖਣਵਿੰਡੀ ਤੇ ਬਾਬਾ ਤਰਸੇਮ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 29 ਮਾਰਚ 2024 : ਕਾਰਸੇਵਾ ਸੰਪ੍ਰਦਾ ਨਾਲ ਸਬੰਧਤ ਬਾਬਾ ਅਜਾਇਬ ਸਿੰਘ ਮੱਖਣਵਿੰਡੀ ਦੇ ਅਚਨਚੇਤ ਸਵਰਗਵਾਸ ਹੋਣ ਅਤੇ ਉਤਰਾਖੰਡ ‘ਚ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰਸੇਵਕ ਬਾਬਾ ਤਰਸੇਮ ਸਿੰਘ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਬੰਦੂਕਾਂ ਨਾਲ ਹਮਲਾ ਕਰਕੇ ਗੋਲੀਆਂ ਨਾਲ ਮਾਰ ਦੇਣ ਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰਸੇਵਕ ਬਾਬਾ ਤਰਸੇਮ ਸਿੰਘ ਦੀ ਹੱਤਿਆ ਬਾਰੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਉੱਤਰਾਖੰਡ ਦੀ ਸਰਕਾਰ ਨੂੰ ਕਿਹਾ ਕਿ ਅੰਦਰੂਨੀ ਮਤ ਭੇਦ ਕੁਝ ਵੀ ਹੋਣ ਪਰ ਹਮਲਾ ਕਰਕੇ ਕੀਤੀ ਹੱਤਿਆ ਹਮਲਾਵਰਾਂ ਦੀ ਖੁੱਲਦਿਲੀ ਤੇ ਅਮਨ ਕਨੂੰਨ ਸਥਿਤੀ ਦੀ ਖਿੱਲੀ ਉਡਾਉਂਦੀ ਹੈ। ਉਨ੍ਹਾਂ ਕਿਹਾ ੳੁੱਤਰਾਖੰਡ ਦੀ ਸਥਾਨਕ ਸਰਕਾਰ ਨੂੰ ਇਸ ਕਤਲ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰਾਉਣੀ ਚਾਹੀਦੀ ਹੈ।